ਕਾਂਗਰਸ Vs ਖਾਲਿਸਤਾਨ, ਜਲੰਧਰ ‘ਚ ਕਾਂਗਰਸੀ ਐਮਪੀ ਨੇ ‘ਰੈਫਰੈਂਡਮ 2020’ ਦੇ ਖ਼ਿਲਾਫ਼ ਚੁੱਕਿਆ ਇਹ ਵੱਡਾ ਕਦਮ


ਜਲੰਧਰ— ਬੀਤੇ ਕਈ ਦਿਨਾਂ ਤੋਂ ਹਿੰਦੂਵਾਦੀ ਸੰਗਠਨਾ ਵਲੋਂ ਲਗਾਤਾਰ ਕੀਤੇ ਜਾ ਰਹੇ ਖਾਲਿਸਤਾਨ ਸਮਰਥਕਾਂ ਦੇ ‘ਰਿਫਰੈਂਡਮ 2020’ ਦੇ ਪ੍ਰਚਾਰ ਖ਼ਿਲਾਫ਼ ਸੰਘਰਸ਼ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੇ ਵੀ ਇਸ ਮਾਮਲੇ ‘ਤੇ ਲੋਕ ਹਿਮਾਇਤ ਜੁਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕਸਬਾ ਫਿਲੋਰ ਵਿਖੇ ਕਾਂਗਰਸੀਆਂ ਨੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਦੀ ਅਗਵਾਈ ‘ਚ ਰੈਫਰੈਂਡਮ 2020 ਦਾ ਪੁਤਲਾ ਫੂਕਿਆ। ਇਸ ਮੌਕੇ ਬੋਲਦੇ ਹੋਏ ਚੌਧਰੀ ਸੰਤੋਖ ਸਿੰਘ ਨੇ ਨੌਜਵਾਨਾਂ ਨੂੰ ਪੰਜਾਬ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਦੀ ਸਹੁੰ ਚੁਕਾਈ ਅਤੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਕਾਂਗਰਸ ਹਰੇਕ ਕੁਰਬਾਨੀ ਲਈ ਤਿਆਰ ਹੈ। ਦੇਸ਼ ਨੂੰ ਜਿਥੇ ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀ ਤੱਤਾਂ ਤੋਂ ਖਤਰਾ ਵਧ ਰਿਹਾ ਹੈ ਉੱਥੇ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਦਾ ਬੀੜਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਚੁੱਕਿਆ ਹੋਇਆ ਹੈ।

ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਰਕਾਰੀ ਪੱਧਰ ‘ਤੇ ਨਸ਼ਿਆਂ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇ ਹਨ ਤਾਂ ਜੋ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ।

ਵਿਕਰਮਜੀਤ ਸਿੰਘ ਚੌਧਰੀ ਨੇ ਇਸ ਮੌਕੇ ਕਿਹਾ ਕਿ ‘ਸਿੱਖਸ ਫਾਰ ਜਸਟਿਸ’ ਸੰਗਠਨ ਦੇ ਵੱਖਵਾਦੀ ਏਜੰਡੇ ਨੂੰ ਪ੍ਰਵਾਸੀ ਪੰਜਾਬੀਆਂ ਨੇ ਕੋਈ ਹਿਮਾਇਤ ਨਹੀਂ ਦਿੱਤੀ ਹੈ। ਇੰਗਲੈਂਡ ‘ਚ ਜਿਸ ਤਰਾਂ ਸਿੱਖਸ ਫਾਰ ਜਸਟਿਸ ਨੇ ਰੈਲੀ ਕੀਤੀ ਹੈ ਉਹ ਬੁਰੀ ਤਰਾਂ ਫਲਾਪ ਹੋ ਗਈ। ਇਸ ਦੇ ਮੁਕਾਬਲੇ ਭਾਰਤ ਪ੍ਰਸਤ ਐਨਆਰਆਈਜ਼ ਨੇ ਆਪਣੀ ਵੱਖਰੀ ਰੈਲੀ ਕਰਕੇ ਖਾਲਿਸਤਾਨੀਆਂ ਦਾ ਵਿਰੋਧ ਕੀਤਾ ਜੋ ਬੇਹੱਦ ਸੰਤੁਸ਼ਟੀ ਵਾਲੀ ਗੱਲ ਹੈ।। ਪੰਜਾਬ ਹੁਣ ਤੇਜ਼ੀ ਨਾਲ ਤਰੱਕੀ ਦੇ ਰਾਹ ‘ਤੇ ਜਾ ਰਿਹਾ ਹੈ ਅਜਿਹੇ ‘ਚ ਵਿਦੇਸ਼ਾਂ ‘ਚ ਵਸੀਆਂ ਕੁਝ ਤਾਕਤਾਂ ਨੂੰ ਇਹ ਗੱਲ ਰਾਸ ਨਹੀਂ ਆ ਰਹੀ। ਇਸ ਲਈ ਲੋਕ ਹਿਮਾਇਤ ਤੋਂ ਸੱਖਣੀਆਂ ਅਜਿਹੀਆਂ ਧਿਰਾਂ ਸਿਰਫ ਫੰਡ ਇਕੱਠੇ ਕਰਨ ਲਈ ਅਜਿਹੇ ਕੰਮ ਕਰ ਰਹੀਆਂ ਹਨ। 

Leave a Reply

Your email address will not be published. Required fields are marked *