Breaking News:

ਸਬਜ਼ੀ ਮੰਡੀ ਲੁੱਟ ਕਾਂਡ ‘ਚ ਸਰਗਣੇ ਸਮੇਤ 4 ਲੁਟੇਰੇ ਗਿਰਫਤਾਰ, ਹੋਰ ਵੀ ਵਾਰਦਾਤਾਂ ਟਰੇਸ

ਜਲੰਧਰ(ਗੁਰਪ੍ਰੀਤ ਸਿੰਘ ਸੰਧੂ)- ਬੀਤੇ ਦਿਨੀਂ ਸਥਾਨਕ ਸਬਜੀ ਮੰਡੀ ਵਿਚ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ ਇਕ ਦੀ ਪੁਲਸ ਨੇ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਮਦਦ ਨਾਲ 10 ਸਤੰਬਰ ਨੂੰ ਮਕਸੂਦਾਂ ਸਬਜ਼ੀ ਮੰਡੀ ਵਿਚ ਫਰੂਟ ਵਪਾਰੀ ਦੇ ਮੁਨੀਮ ਬਲਰਾਮ ਰਾਜ ਕੋਲੋਂ ਹੋਈ ਲੁੱਟ ਦੇ ਮਾਮਲੇ ਨੂੰ ਸੁਲਝਾਇਆ ਹੈ ।

ਪੁਲਸ ਅਨੁਸਾਰ ਮੁਲਜ਼ਮਾਂ ਵਿਚੋਂ ਇਕ ਮੰਡੀ ਵਿਚ ਹੀ ਕੰਮ ਕਰਨ ਵਾਲਾ ਕਰਿੰਦਾ ਸੀ। ਪੁਲਸ ਨੇ ਰਾਹੁਲ ਕਤਿਆਲ ਅਤੇ ਪਰਮਜੀਤ ਪੰਮਾ ਦੋਵੇਂ ਨਿਵਾਸੀ ਨਿਊ ਜਵਾਲਾ ਨਗਰ ਜਲੰਧਰ , ਪਲਵਿੰਦਰ ਸਿੰਘ ਅਤੇ ਮੰਗਤ ਰਾਮ ਦੋਵੇਂ ਨਿਵਾਸੀ ਬੇਗੋਵਾਲ ਨੂੰ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਅਤੇ ਪਲਸਰ ਮੋਟਰਸਾਈਕਲ ਨੰਬਰ ਪੀਬੀ 09 ਏਸੀ 8958 ਅਤੇ ਸਪਲੈਂਡਰ ਮੋਟਰਸਾਈਕਲ ਨੰਬਰੀ ਪੀਬੀ 08 ਏਸੀ 8593 ਬਰਾਮਦ ਕੀਤੇ ਹਨ।ਪੁਲਿਸ ਅਨੁਸਾਰ ਮੁਲਜ਼ਮਾਂ ਨੇ ਇਹ ਦੋਵੇਂ ਮੋਟਰਸਾਈਕਲ ਵਾਰਦਾਤ ਵਿਚ ਇਸਤੇਮਾਲ ਕੀਤੇ ਸਨ। ਇਨਾਂ ਦਾ ਮਾਸਟਰ ਮਾਈਂਡ ਰਾਹੁਲ ਸੀ। ਇਨਾਂ ਕੋਲੋਂ ਲੁੱਟ ਦੇ ਡੇਢ ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਏ.ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਨਾਂ ਹੀ ਮੁਲਜ਼ਮਾਂ ਵਲੋਂ 8 ਸਤੰਬਰ ਨੂੰ ਟੈਗੋਰ ਪਾਰਕ ਵਿਚੋਂ ਇਕ ਔਰਤ ਕੋਲੋਂ ਚੇਨ ਅਤੇ ਇਕ ਵਿਅਕਤੀ ਕੋਲੋਂ ਸੋਨੇ ਦੇ ਕੜੇ ਦੀ ਖੋਹ ਕੀਤੀ ਗਈ ਸੀ। ਪੁਲਸ ਅਨੁਸਾਰ ਉਨਾਂ ਵਾਰਦਾਤਾਂ ਵਿਚ ਲੁੱਟਿਆ ਗਿਆ ਸਾਮਾਨ ਹਾਲੇ ਬਰਾਮਦ ਹੋਣਾ ਬਾਕੀ ਹੈ। ਪੁਲਸ ਰਿਮਾਂਡ ਹਾਸਲ ਕਰਨ ਉਪਰੰਤ ਅਗਲੇਰੀ ਪੁੱਛਗਿੱਛ ਦੌਰਾਨ ਹੋਰ ਬਰਾਮਦਗੀਆਂ ਹੋਣ ਦੀ ਆਸ ਹੈ। 

Leave a Reply

Your email address will not be published. Required fields are marked *