Breaking News:

ਆਖਰ ਟੁੱਟ ਹੀ ਗਈ ਤੂੰਬੀ ਦੇ ਬਾਦਸ਼ਾਹ ਦੇ ਸਵਾਸਾਂ ਦੀ ਤਾਰ, ਅਲਵਿਦਾ ਜਸਦੇਵ ਯਮਲਾ!! ਸਿੱਧੂ, ਪਾਤਰ, ਜੌਹਲ,ਘੁਗਿਆਣਵੀ ਸਮੇਤ ਕਈ ਸਖ਼ਸ਼ੀਅਤਾਂ ਨੇ ਕੀਤਾ ਵਿਛੋੜੇ ਦੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ- ਪੰਜਾਬੀ ਲੋਕ ਗੀਤਾਂ ਵਿਚ ਤੂੰਬੀ ਵਰਗੇ ਲੋਕ ਸਾਜ਼ ਦੇ ਖੋਜ ਕਰਤਾ ਅਤੇ ਤੂੰਬੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਸਪੁੱਤਰ ਜਸਦੇਵ ਯਮਲਾ ਜੱਟ ਦਾ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਨਾਂ ਦੀ ਤਬੀਅਤ ਕਾਫੀ ਦਿਨਾਂ ਤੋਂ ਖ਼ਰਾਬ ਚਲ ਰਹੀ ਸੀ ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਗੁਰੂ ਤੇਗ ਬਹਾਦੁਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਤਬੀਅਤ ਜਿਆਦਾ ਗੰਭੀਰ ਹੋਣ ਕਾਰਨ ਰੈਫਰ ਕਰਨ ‘ਤੇ ਸੀਐਮਸੀ ਲਿਜਾਏ ਜਾਣ ਦੌਰਾਨ ਰਸਤੇ ‘ਚ ਹੀ ਉਨਾਂ ਦੇ ਸਵਾਸਾਂ ਦੀ ਤਾਰ ਸਦਾ ਲਈ ਟੁੱਟ ਗਈ। ਉਨਾਂ ਦਾ ਸਸਕਾਰ ਦੁਪਿਹਰ 3 ਵਜੇ ਦੇ ਕਰੀਬ ਕੀਤਾ ਗਿਆ।ਜਸਦੇਵ ਨੇ ਹਮੇਸ਼ਾ ਹੀ ਆਪਣੀ ਪਿਤਾ ਅਤੇ ਪੰਜਾਬੀ ਗਾਇਕੀ ਦੇ ਬਾਅਦ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗੀਤਾਂ ਨੂੰ ਗਾ ਕੇ ਉਨਾਂ ਨੂੰ ਯਾਦਾਂ ਵਿਚ ਤਾਜਾ ਰੱਖਿਆ। ਹਾਲ ਹੀ ਵਿੱਚ ਉਹ ਅਮਰੀਕਾ ਵਿਚ ਉਸਤਾਦ ਯਮਲਾ ਦੀ ਯਾਦ ਵਿਚ ਰੱਖੇ ਮੇਲੇ ਵਿਚ ਗਾ ਕੇ ਆਏ ਸਨ ਜਿੱਥੇ ਜਸਦੇਵ ਦੀ ਦੋ ਹਫਤੇ ਪਹਿਲਾਂ ਹੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ ਸੀ।

ਦੱਸਣਯੋਗ ਹੈ ਕਿ ਤੂੰਬੀ ਜ਼ਰੀਏ ਆਪਣੀਆਂ ਸੁਰਾਂ ਨੂੰ ਨਵੀਂ ਪਛਾਣ ਦੇਣ ਵਾਲੇ ਉਸਤਾਦ ਯਮਲਾ ਜੱਟ ਦੇ ਨਾਲ ਕਦੇ ਮਸ਼ਹੂਰ ਪਾਕਿਸਤਾਨੀ ਗਾਇਕ ਆਲਮ ਲੁਹਾਰ ਨੇ ਆਪਣੇ ਚਿਮਟੇ ਨਾਲ ਸੰਗਤ ਕੀਤੀ ਸੀ। ਉਸ ਹੀ ਰਿਵਾਇਤ ਨੂੰ ਜਿੰਦਾ ਰੱਖਣ ਦਾ ਕੰਮ ਉਸਤਾਦ ਯਮਲਾ ਦੀ ਮੌਤ ਤੋਂ ਬਾਅਦ ਉਨਾਂਂ ਦੇ ਚੌਥੇ ਬੇਟੇ ਜਸਦੇਵ ਅਤੇ ਨੂੰਹ ਸਰਬਜੀਤ ਨੇ ਕੀਤਾ।ਉਨਾਂਂ ਦੀ ਗਾਇਕੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਹ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਜਿੰਦਾ ਰਹਿਣਗੇ।

ਪੰਜਾਬ ਦੇ ਸਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਲੋਕ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਤੇ ਰੇਡੀਓ ਟੀ. ਵੀ. ਲੋਕ ਗਾਇਕ ਸ੍ਰੀ ਜਸਦੇਵ ਯਮਲਾ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

ਸ. ਸਿੱਧੂ ਨੇ ਕਿਹਾ ਕਿ ਜਸਦੇਵ ਯਮਲਾ ਦੀ ਮੌਤ ਨਾਲ ਪੰਜਾਬੀ ਗਾਇਕੀ ਦਾ ਵਿਹੜਾ ਸੁੰਨਾ ਹੋ ਗਿਆ ਹੈ।ਸਾਫ਼ ਸੁਥਰੀ ਲੋਕ ਗਾਇਕੀ ਨੂੰ ਸਮਰਪਿਤ ਇਸ ਪਰਿਵਾਰ ਦੀ ਦੇਣ ਭੁਲਾਈ ਨਹੀਂ ਜਾ ਸਕਦੀ। ਉਨਾਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ।

ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਆਪਦੇ ਸ਼ੋਕ ਸੰਦੇਸ਼ ਵਿਚ ਕਿਹਾ ਹੈ ਕਿ ਜਸਦੇਵ ਯਮਲਾ ਜੱਟ ਨੇ ਆਪਣੇ ਪਿਤਾ ਲਾਲ ਚੰਦ ਯਮਲੇ ਜੱਟ ਦੀ ਪਵਿੱਤਰ ਤੇ ਪਰੰਪਰਾਗਤ ਗਾਇਨ ਕਲਾ ਨੂੰ ਜਿਊਂਦੇ ਰੱਖਿਆ ਹੋਇਆ ਸੀ। ਡਾ. ਪਾਤਰ ਨੇ ਕਿਹਾ ਕਿ ਜਸਦੇਵ ਯਮਲਾ ਦੀ ਮੌਤ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਿਆਂ ਜਾਣ ਵਾਲਾ ਘਾਟਾ ਪਿਆ ਹੈ।

ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਸ੍ਰੀ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਜਸਦੇਵ ਯਮਲਾ ਮਿਲਾਪੜੀ ਹਸਤੀ ਦੇ ਮਾਲਕ ਸਨ ਤੇ ਉਹ ਆਪਣੇ ਪਿਤਾ ਵਾਲੀ ਸਾਫ ਸੁਥਰੀ ਜਿੰਦਗੀਂ ਬਸਰ ਕਰ ਰਹੇ ਸਨ। ਜਸਦੇਵ ਯਮਲਾ ਇਸ ਵੇਲੇ ਯਮਲਾ ਜੱਟ ਯਾਦਗਾਰੀ ਟਰੱਸਟ ਦੇ ਪ੍ਰਧਾਨ ਸਨ।

Leave a Reply

Your email address will not be published. Required fields are marked *