Breaking News:

ਸਿੱਧੂ ਵੀ ਨੇ ਨੰਗੇ ‘ਸੌਦਾ ਸਾਧ’ ਵਾਲੇ ਸਿਆਸੀ ਹਮਾਮ ‘ਚ? ਵਾਇਰਲ ਤਸਵੀਰ ‘ਚ ਹੱਥ ਜੋੜ ਕੇ ਆਸ਼ੀਰਵਾਦ ਹਾਸਿਲ ਕਰਦੇ ਦਿੱਤੇ ਦਿਖਾਈ, ਮਚਿਆ ਸਿਆਸੀ ਘਮਾਸਾਣ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)—ਅਕਾਲੀ ਲੀਡਰਾਂ ਅਤੇ ਖਾਸ ਕਰਕੇ ਬਜ਼ੁਰਗ ਅਕਾਲੀ ਆਗੂ ਪਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਰਸੇ ਵਾਲੇ ਸਾਧ ਨਾਲ ਸਬੰਧਾਂ ਨੂੰ ਲੈਕੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਵਲੋਂ ਜਿਸ ਤਰਾਂਂ ਦੇ ਦੋਸ਼ ਲਗਾਏ ਜਾ ਰਹੇ ਹਨ ਉਸੇ ਲੜੀ ਵਿਚ ਹੁਣ ਨਵਜੋਤ ਸਿੱਧੂ ਖੁਦ ਘਿਰਦੇ ਦਿਖਾਈ ਦੇ ਰਹੇ ਹਨ। ਦਰਅਸਲ ਸੋਸ਼ਲ ਮੀਡੀਆ ਉੱਪਰ ਇਕ ਤੇਜ਼ੀ ਨਾਲ ਵਾਇਰਲ ਹੋ ਰਹੀ ਫੋਟੋ ਵਿਚ ਸਪੱਸ਼ਟ ਦਿਖਾਇਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਕਦੇ ਕਿਸੇ ਵੇਲੇ ਓਸੇ ਸਾਧ ਦੇ ‘ਦਰਸ਼ਨਾ’ ਲਈ ਗਏ ਸਨ ਤੇ ਉਦੋਂ ਬੜੀ ਸ਼ਰਧਾ ਪ੍ਰਗਟ ਕੀਤੀ ਗਈ ਸੀ। ਹਾਲਾਂਕਿ ਉਨਾਂਂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਹੋਰ ਨੂੰ ਗੁਰੂ ਨਹੀਂ ਮੰਨਦੇ ਅਤੇ ਸਿੱਧੂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਉਹ ‘ਓਪਨਿੰਗ ਬੈਟਸਮੈਨ’ ਹਨ ਜੋ ਬਾਦਲਾਂ ਖਿਲਾਫ ਦੋਸ਼ਾਂ ਦੇ ਚੌਕੇ ਛੱਕੇ ਲਗਾਉਂਦੇ ਕਦੇ ਥਕਦੇ ਨਹੀਂ। ਹਾਲਾਂਕਿ ਉਕਤ ਤਸਵੀਰ ਤੋਂ ਲੱਗਦਾ ਹੈ ਕਿ ਇਹ ਕਾਫੀ ਪੁਰਾਣੀ ਹੋਏਗੀ। ਪਰ ਇਸ ਤਸਵੀਰ ਦੇ ਵਾਇਰਲ ਹੋਣ ਨਾਲ ਸਿਰਸੇ ਵਾਲੇ ਸਾਧ ਦੀ ਗਰਾਊਂਡ ਵਿਚ ਖੇਡੇ ਜਾ ਰਹੇ ਸਿਆਸੀ ਮੈਚ ਨੇ ਦਿਲਚਸਪ ਮੋੜ ਕੱਟ ਲਿਆ ਹੈ। ‘ਸੁਦਰਸ਼ਨ ਪੰਜਾਬ’ ਉਕਤ ਤਸਵੀਰ ਦੇ ਅਸਲੀ ਹੋਣ ਦੀ ਪੁਸ਼ਟੀ ਨਹੀਂ ਕਰਦਾ ਪਰ ਜੇਕਰ ਇਹ ਤਸਵੀਰ ਸਹੀ ਹੈ ਤਾਂ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਚੋਣਾ ਦੌਰਾਨ ਆਪੋ ਆਪਣੇ ਹੱਕ ਵਿਚ ਵੋਟਰਾਂ ਨੂੰ ਲੁਭਾਉਣ ਲਈ ਸਾਰੇ ਸਿਆਸੀ ਲੀਡਰ ਇਸ ਹਮਾਮ ਵਿਚ ਲਗਭਗ ਨੰਗੇ ਹੀ ਨੇ। ਇਹ ਸਮੇਂ ਦੀ ਗੱਲ ਹੈ ਕਿ ਕਿਸਦਾ ਮਾੜਾ ਵਕਤ ਆ ਜਾਵੇ ਤੇ ਉਸਦੇ ਸਬੂਤ ਜਨਤਕ ਹੋ ਜਾਣ ਅਤੇ ਕਿਸ ਉੱਪਰ ਰੱਬ ਦੀ ਮਿਹਰ ਬਣੀ ਰਹੇ ਤੇ ਉਸਦੇ ਝੂਠਾਂ ਉੱਪਰ ਪਰਦਾ ਪਿਆ ਰਹੈ। ਖੈਰ, ਜਿਸ ਤੇਜੀ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਹੋਰ ਮੁੱਦਿਆਂ ਉੱਪਰ ਨਵਜੋਤ ਸਿੰਘ ਸਿੱਧੂ ਸਿੱਖ ਭਾਈਚਾਰੇ ਅੰਦਰ ਹਰਮਨਪਿਆਰਤਾ ਬਟੋਰਨ ਲਈ ਅੱਗੇ ਵਧ ਰਹੇ ਸਨ, ਉਸ ਮਾਮਲੇ ‘ਤੇ ਹਥਲੀ ਤਸਵੀਰ ਸਾਹਮਣੇ ਆਉਣ ਨਾਲ ਆਉਂਦੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਦਾ ਊਠ ਕਿਸ ਕਰਵਟ ਬੈਠਦਾ ਹੈ? ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।

Leave a Reply

Your email address will not be published. Required fields are marked *