Breaking News:

ਜਲੰਧਰ ਚ ਪੀ ਪੀ ਐਮ ਮਸਾਲਿਆਂ ਦੇ ਮਾਲਕ ਦਾ 90 ਹਜ਼ਾਰ ਦਾ ਸਾਈਕਲ ਚੋਰੀ ਜਿਮ ਮੈਨੇਜਰ ਗਰਿਫਤਾਰ

ਜਲੰਧਰ- ਸਥਾਨਕ ਮਾਡਲ ਟਾਊਨ ਸਥਿਤ ਇੱਕ ਜਿਮ ਦੇ ਫਲੋਰ ਮੈਨੇਜਰ ਵਲੋਂ ਪੀ. ਪੀ. ਐੱਮ. ਗੋਲਡ ਮਸਾਲਿਆਂ ਦੇ ਕਾਰੋਬਾਰੀ ਵਰੁਣ ਵਿਜ ਦਾ 90 ਹਜ਼ਾਰ ਰੁਪਏ ਕੀਮਤ ਦਾ ਸਾਈਕਲ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦਾ ਪਤਾ ਉਦੋਂ ਲੱਗਾ ਜਦੋਂ ਵਰੁਣ ਆਪਣੇ ਦੋਸਤਾਂ ਨਾਲ ਸਾਈਕਲ ਰਾਈਡ ਕਰਨ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਸਥਿਤ ਰੈਸਟੋਰੈਂਟ ਵਿਚ ਬ੍ਰੇਕਫਾਸਟ ਕਰਨ ਉਪਰੰਤ ਵਾਪਸ ਆਇਆ। ਸਾਈਕਲ ਚੋਰੀ ਹੋਣ ਤੋਂ ਬਾਅਦ ਜਦੋਂ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਗਈ ਤਾਂ ਦੋਸ਼ੀ ਫਲੋਰ ਮੈਨੇਜਰ ਕੈਮਰੇ ਵਿਚ ਕੈਦ ਹੋ ਚੁੱਕਾ ਸੀ। ਜਿਸ ਦੇ ਬਾਅਦ ਚਹੇੜੂ ਚੌਕੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਨੇ ਕਾਰਵਾਈ ਕਰਦੇ ਹੋਏ ਸਾਈਕਲ ਸਣੇ ਦੋਸ਼ੀ ਨੂੰ ਉਸਦੇ ਘਰ ਤੋਂ ਕਾਬੂ ਕੀਤਾ।ਮਸਾਲਾ ਕਾਰੋਬਾਰੀ ਵਰੁਣ ਵਿੱਜ ਨੇ ਦੱਸਿਆ ਕਿ ਉਸਦੀ ਪੀ. ਪੀ. ਐੱਮ. ਗੋਲਡ ਮਸਾਲੇ ਨਾਂ ਦੀ ਮੰਡੀ ਫੈਂਟਨਗੰਜ ਵਿਚ ਦੁਕਾਨ ਹੈ। ਉਸਦਾ ਪੈਡਲਰਜ਼ ਨਾਮਕ ਸਾਈਕਲਿੰਗ ਗਰੁੱਪ ਹੈ ਜੋ ਕਿ ਸਾਈਕਲਿੰਗ ਦੇ ਜ਼ਰੀਏ ਫਿਟਨੈੱਸ ਨੂੰ ਪ੍ਰਮੋਟ ਕਰਦੇ ਹਨ।

ਉਹ 15 ਅਗਸਤ ਦੇ ਮੌਕੇ ਛੁੱਟੀ ਹੋਣ ਕਾਰਨ ਆਪਣੇ ਦੋਸਤ ਵਿਵੇਕ ਸਹਿਗਲ ਅਤੇ ਹੋਰ ਲੋਕਾਂ ਨਾਲ ਗਏ ਸਨ। ਉਨਾਂ ਦੇ ਨਾਲ ਜਿਮ ਦਾ ਫਲੋਰ ਮੈਨੇਜਰ ਜੱਗੀ ਗਾਖਲ ਵੀ ਸੀ। ਉਨਾਂ ਨੇ ਹਵੇਲੀ ਰੈਸਟੋਰੈਂਟ ਵਿਚ ਬ੍ਰੇਕਫਾਸਟ ਕੀਤਾ। ਜਦੋਂ ਉਹ ਬ੍ਰੇਕਫਾਸਟ ਕਰਨ ਤੋਂ ਬਾਅਦ ਬਾਹਰ ਆ ਕੇ ਪਾਰਕਿੰਗ ਵਿਚ ਖੜੇ ਹੋਏ ਤਾਂ ਮੌਕਾ ਦੇਖ ਕੇ ਦੋਸ਼ੀ ਜੱਗੀ ਆਪਣੀ ਐਕਟਿਵਾ ਦੇ ਨਾਲ ਖੜਾ ਉਸਦਾ ਸਾਈਕਲ ਘਸੀਟ ਕੇ ਲੈ ਗਿਆ। ਪਹਿਲਾਂ ਉਨਾਂ ਨੂੰ ਲੱਗਾ ਕਿ ਸਾਈਕਲ ਦੇ ਨਾਲ ਖੜੀ ਐਕਟਿਵਾ ਦੇ ਚਾਲਕ ਨੂੰ ਖਰੋਚ ਆ ਗਈ ਹੋਵੇਗੀ, ਜਿਸ ਨੂੰ ਲੈ ਕੇ ਗੁੱਸੇ ਵਿਚ ਆ ਕੇ ਸਾਈਕਲ ਐਕਟਿਵਾ ਚਾਲਕ ਲੈ ਗਿਆ ਪਰ ਬਾਅਦ ਵਿਚ ਹਵੇਲੀ ਗਰੁੱਪ ਦੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਸੀ. ਸੀ. ਟੀ. ਵੀ. ਖੰਗਾਲਿਆ ਜਿਸ ਤੋਂ ਪਤਾ ਲੱਗਾ ਕਿ ਆਫ ਦਿ ਗ੍ਰਿਡ ਜਿਮ ਦਾ ਮੈਨੇਜਰ ਜੱਗੀ ਉਨਾਂ ਦੀ ਕੀਮਤੀ ਸਾਈਕਲ ਚੋਰੀ ਕਰ ਕੇ ਲੈ ਗਿਆ ਹੈ। ਇਸ ‘ਤੇ ਉਨਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਹਵੇਲੀ ਰੈਸਟੋਰੈਂਟ ਦੇ ਨਾਲ ਲੱਕੀ ਢਾਬੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਦੋਸ਼ੀ ਜੱਗੀ ਗਾਖਲ ਦਾ ਫੋਨ ਨੰਬਰ ਲੈ ਕੇ ਕਾਲ ਲੋਕੇਸ਼ਨ ਦੇ ਜ਼ਰੀਏ ਉਸਦੀ ਤਲਾਸ਼ ਕਰਦਿਆਂ ਉਸਦੇ ਘਰ ਰੇਡ ਕੀਤੀ ਅਤੇ ਘਰੋਂ ਸਾਈਕਲ ਬਰਾਮਦ ਹੋਇਆ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।

ਚਹੇੜੂ ਦੀ ਚੌਕੀ ਇੰਚਾਰਜ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜੱਗੀ ਨੇ ਮੰਨਿਆ ਕਿ ਸਾਈਕਲ ਉਸਨੇ ਚੋਰੀ ਕੀਤਾ ਹੈ। ਪੁਲਸ ਨੇ ਉਸ ‘ਤੇ ਕੇਸ ਦਰਜ ਕਰ ਲਿਆ ਹੈ।

ਜੱਗੀ ਦੀ ਜ਼ਮਾਨਤ ਅਰਜ਼ੀ ਹੋਈ ਖਾਰਜ

ਸੂਤਰਾਂ ਅਨੁਸਾਰ ਮੁਲਜ਼ਮ ਜੱਗੀ ਨੇ ਕੋਰਟ ਵਿਚ ਆਪਣੇ ਬਚਾਅ ਲਈ ਜ਼ਮਾਨਤ ਅਰਜ਼ੀ ਵੀ ਦਾਇਰ ਕੀਤੀ ਸੀ ਜੋ ਕਿ ਕੋਰਟ ਨੇ ਖਾਰਿਜ ਕਰ ਦਿੱਤੀ ਹੈ ਕਿਉਂਕਿ ਪੁਲਸ ਵਲੋਂ ਲਾਈ ਗਈ ਧਾਰਾ 379, 411 ਗੈਰ-ਜ਼ਮਾਨਤੀ ਜੁਰਮ ਹੈ। 

Leave a Reply

Your email address will not be published. Required fields are marked *