Breaking News:

ਸੀ.ਬੀ.ਆਈ. ਨੇ ਮਾਰੇ ਪੰਜਾਬ ਪੁਲਿਸ ਦੇ ਆਈਜੀ ਦੀਆਂ ਰਿਹਾਇਸ਼ਾਂ ‘ਤੇ ਛਾਪੇ, 5 ਲੱਖ ਦੀ ਰਿਸ਼ਵਤ ਫੜਨ ਵਾਲਾ ਗਿਰਫਤਾਰ

ਜਲੰਧਰ-ਸੀ.ਬੀ.ਆਈ. ਦੀ ਵਿਸ਼ੇਸ਼ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਆਈ.ਜੀ. ਫਿਰੋਜਪੁਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗਿਰਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਵਲੋਂ ਇਹ ਕਾਰਵਾਈ ਵਿਜੀਲੈਂਜ ਬਿਊਰੋ ਦੇ ਸਾਬਕਾ ਐਸ. ਐਸ. ਪੀ. ਸ੍ਰੀ ਸ਼ਿਵ ਕੁਮਾਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਗਈ ਅਤੇ ਗਿਰਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਅਸ਼ੋਕ ਗੋਇਲ ਵਲੋਂ ਕੀਤੀ ਗਈ। ਸ਼ਿਵ ਕੁਮਾਰ ਦੀ ਬੇਨਤੀ ‘ਤੇ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਜਿਸਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ। ਸ਼ਿਵ ਕੁਮਾਰ ਦਾ ਦੋਸ਼ ਸੀ ਕਿ ਇਸ ਮਾਮਲੇ ‘ਚ ਮੇਰੇ ਹੱਕ ‘ਚ ਰਿਪੋਰਟ ਕਰਨ ਲਈ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਹੈ। ਇਸ ਰਿਸ਼ਵਤ ਦੀ ਪਹਿਲੀ ਕਿਸ਼ਤ ਅਸ਼ੋਕ ਕੁਮਾਰ ਵਲੋਂ ਲਈ ਜਾਣੀ ਸੀ, ਇਸ ਦੌਰਾਨ ਸ਼ਿਵ ਕੁਮਾਰ ਨੇ ਸੀ.ਬੀ.ਆਈ. ਨੂੰ ਸ਼ਿਕਾਇਤ ਕਰ ਦਿੱਤੀ। ਸੀ.ਬੀ.ਆਈ. ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆਂ ਅਸ਼ੋਕ ਗੋਇਲ ਨੂੰ ਕਾਬੂ ਕਰ ਲਿਆ ਗਿਆ।

ਦੂਜੇ ਪਾਸੇ ਸੀ.ਬੀ.ਆਈ. ਵਲੋਂ ਫ਼ਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ ਗੁਰਿੰਦਰ ਸਿੰਘ ਢਿੱਲੋਂ ਦੀ ਸਰਕਾਰੀ ਰਿਹਾਇਸ਼ ਅਤੇ ਸਰਕਾਰੀ ਦਫ਼ਤਰ ‘ਤੇ ਛਾਪਾ ਮਾਰਿਆ ਗਿਆ। ਰਾਤ ਤਕਰੀਬਨ 8.30 ਵਜੇ ਐੱਸ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ‘ਚ 10 ਮੈਂਬਰੀ ਸੀ.ਬੀ.ਆਈ. ਦੀ ਟੀਮ ਫ਼ਿਰੋਜ਼ਪੁਰ ਛਾਉਣੀ ਸਥਿਤ ਆਈ.ਜੀ. ਦੀ ਰਿਹਾਇਸ਼ ਅੰਦਰ ਦਾਖ਼ਲ ਹੋਈ ਤੇ ਸੀ.ਬੀ.ਆਈ. ਨੇ ਰਿਹਾਇਸ਼ ਨਾਲ ਜੁੜੇ ਆਈ.ਜੀ. ਦੇ ਸਰਕਾਰੀ ਦਫ਼ਤਰ ਦੀ ਵੀ ਤਲਾਸ਼ੀ ਲਈ। ਸੂਤਰਾਂ ਅਨੁਸਾਰ ਤਲਾਸ਼ੀ ਦੌਰਾਨ ਆਈ.ਜੀ. ਦੀ ਸਰਕਾਰੀ ਰਿਹਾਇਸ਼ ਤੋਂ ਕੁਝ ਅਹਿਮ ਦਸਤਾਵੇਜ਼ ਵੀ ਮਿਲੇ ਹਨ, ਜੋ ਸੀ.ਬੀ.ਆਈ. ਅਧਿਕਾਰੀ ਆਪਣੇ ਨਾਲ ਲੈ ਗਏ। ਸੀ.ਬੀ.ਆਈ. ਟੀਮ ਵਲੋਂ ਉਕਤ ਮਾਮਲੇ ਨਾਲ ਸਬੰਧਿਤ ਬਿੱਲਾ ਨਾਂਅ ਦੇ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ, ਜਿਸ ਪਾਸੋਂ 5 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਸੀ.ਬੀ.ਆਈ. ਵਲੋਂ ਆਈ.ਜੀ.ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਤੇ ਬਿੱਲੇ ਨੂੰ ਬਾਅਦ ਦੁਪਹਿਰ ਮੋਹਾਲੀ ਦੀ ਸੀ.ਬੀ.ਆਈ. ਅਦਾਲਤ ‘ਚ ਪੇਸ਼ ਕੀਤਾ। ਮਾਮਲੇ ਨਾਲ ਸਬੰਧਿਤ ਦਸਤਾਵੇਜ਼ ਸੀ.ਬੀ.ਆਈ. ਨੇ ਆਈ.ਜੀ. ਢਿੱਲੋਂ ਦੀ ਸਰਕਾਰੀ ਰਿਕਾਰਡ ਤੋਂ ਬਰਾਮਦ ਕਰ ਲਏ ਹਨ।

ਤਿੰਨ ਖ਼ਿਲਾਫ਼ ਮਾਮਲਾ ਦਰਜ

ਸੀ.ਬੀ.ਆਈ. ਦੇ ਚੰਡੀਗੜ ਸਥਿਤ ਡਿਪਟੀ ਇੰਸਪੈਕਟਰ ਤਰਨ ਗਾਬਾ ਆਈ.ਪੀ.ਐੱਸ. ਵਲੋਂ ਫ਼ਿਰੋਜ਼ਪੁਰ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ, ਮਾਮਲੇ ਦਾ ਮੁੱਖ ਦੋਸ਼ੀ ਅਸ਼ੋਕ ਕੁਮਾਰ ਗੋਇਲ ਉਰਫ਼ ਬਿੱਲਾ ਅਤੇ ਐੱਸ.ਐਚ.ਓ. ਸਦਰ ਫ਼ਿਰੋਜ਼ਪੁਰ ਖ਼ਿਲਾਫ਼ ਚੰਡੀਗੜ ਦੇ ਸੀ. ਬੀ. ਆਈ. ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ। ਲੁਧਿਆਣਾ ਤੋਂ ਗਿਰਫਤਾਰ ਅਸ਼ੋਕ ਗੋਇਲ ਨੂੰ ਸੀ.ਬੀ.ਆਈ ਦੀ ਟੀਮ ਨੇ ਸ਼ੁੱਕਰਵਾਰ ਨੂੰ ਚੰਡੀਗੜ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਸੀ. ਬੀ. ਆਈ ਅਨੁਸਾਰ ਗਿਰਤਾਰ ਕੀਤੇ ਅਸ਼ੋਕ ਗੋਇਲ ਨਾਂਅ ਦੇ ਵਪਾਰੀ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਪੰਜ ਲੱਖ ਰੁਪਏ ਚੰਡੀਗੜ ਦੇ ਸੈਕਟਰ 35 ‘ਚ ਪੈਂਦੇ ਇਕ ਹੋਟਲ ਵਿਚ 9 ਅਗਸਤ ਨੂੰ ਲਈ ਸੀ। ਸਬੰਧਤ ਮਾਮਲੇ ਦੀ ਸ਼ਿਕਾਇਤ ਐਸ.ਐਸ.ਪੀ. (ਸੇਵਾ ਮੁਕਤ) ਵਿਜੀਲੈਂਸ ਬਿਊਰੋ ਪਟਿਆਲਾ ਵਜੋਂ ਦਿੱਤੀ ਗਈ ਸੀ ਜਿਨਾਂ ਨੇ ਸ਼ਿਕਾਇਤ ‘ਚ ਦੱਸਿਆ ਸੀ ਕਿ ਉਨਾਂ ਨੂੰ ਇਕ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਲਈ ਆਈ.ਜੀ.ਪੀ ਫ਼ਿਰੋਜ਼ਪੁਰ ਵਲੋਂ ਇਕ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ । ਸ਼ਿਕਾਇਤਕਰਤਾ ਨੇ ਦੱਸਿਆ ਕਿ ਗਿਰਫ਼ਤਾਰ ਮੁਲਜ਼ਮ ਉਨ ਖ਼ਿਲਾਫ਼ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਅਤੇ ਉਸ ਦੇ ਘਰੋਂ ਜ਼ਬਤ ਕੀਤੇ ਦਸਤਾਵੇਜ਼ ਵਾਪਸ ਕਰਨ ਦੇ ਨਾਂਅ ‘ਤੇ ਇਕ ਕਰੋੜ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਬਾਅਦ ਵਿਚ ਸੌਦਾ 22 ਲੱਖ ‘ਚ ਤੈਅ ਹੋਇਆ । ਸ਼ਿਕਾਇਤ ਕਰਤਾ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਪੰਜ ਲੱਖ ਰੁਪਏ ਮੁਲਜ਼ਮ ਗੋਇਲ ਨੂੰ ਚੰਡੀਗੜ ਵਿਚ 9 ਅਗਸਤ ਨੂੰ ਦਿੱਤੀ ਸੀ। ਸ਼ਿਕਾਇਤ ਕਰਤਾ ਨੇ 13 ਅਗਸਤ ਨੂੰ ਮਾਮਲੇ ਦੀ ਸ਼ਿਕਾਇਤ ਸੀ.ਬੀ.ਆਈ ਨੂੰ ਦਿੱਤੀ ਸੀ ਜਿਸ ਦੇ ਬਾਅਦ ਮੁਲਜ਼ਮ ਨੂੰ ਲੁਧਿਆਣਾ ‘ਚ ਰਿਸ਼ਵਤ ਲੈਂਦੇ ਰੰਗੇ ਹੱਥੀ ਗਿਰਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਸੀ.ਬੀ.ਆਈ. ਦੀ ਟੀਮ ਵਲੋਂ ਆਈ.ਜੀ. ਫਿਰੋਜਪੁਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਦੇ ਫਿਰੋਜਪੁਰ ਵਿਖੇ ਸਥਿਤ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ‘ਚ ਤਲਾਸ਼ੀ ਸਮੇਤ ਉਨਾਂਂ ਦੀ ਪਟਿਆਲਾ ਵਿਖੇ ਸਥਿਤ ਰਿਹਾਇਸ਼ ‘ਤੇ ਵੀ ਤਲਾਸ਼ੀ ਕੀਤੀ ਗਈ ਜੋ ਕਿ ਦੇਰ ਰਾਤ ਸ਼ੁਰੂ ਹੋ ਕੇ ਵੱਡੀ ਸਵੇਰ ਤੱਕ ਚਲੀ ।  

Leave a Reply

Your email address will not be published. Required fields are marked *