Breaking News:

ਸੁਖਬੀਰ ਬਾਦਲ ਵਲੋਂ ਭਾਰਤ ਰਤਨ ਵਾਪਸ ਲੈਣ ਲਈ ਵਿਧਾਨਸਭਾ ਸੈਸ਼ਨ ਬੁਲਾਉਣ ਦੀ ਕੀਤੀ ਮੰਗ ਮਗਰੋਂ 84 ਦੀ ਸਿੱਖ ਨਸਲਕੁਸ਼ੀ ਲਈ ਜਿੰਮੇਵਾਰ ਦੱਸੇ ਜਾ ਰਹੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਅਕਾਲੀ ਵਰਕਰਾਂ ਮਲੀ ਕਾਲਿਖ਼, ਹੱਥਾਂ ਨੂੰ ਕੀਤਾ ਖੂਨੀ ਲਾਲ ਰੰਗ  

ਲੁਧਿਆਣਾ-ਇੱਥੋਂ ਦੇ ਸਲੇਮ ਟਾਬਰੀ ਇਲਾਕੇ ਵਿਚ ਉਸ ਸਮੇਂ ਮਾਹੌਲ ਤਨਾਅ ਭਰਿਆ ਹੋ ਗਿਆ ਜਦੋਂ ਅਕਾਲੀ ਦਲ ਦੇ ਵਰਕਰਾਂ ਨੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਅਤੇ 1984 ਦੀ ਸਿੱਖ ਨਸਲਕੁਸ਼ੀ ਦੇ ਬਾਅਦ ਵੱਡਾ ਦਰਖਤ ਡਿਗਣ ਨਾਲ ਧਰਤੀ ਕੰਬਣ ਵਰਗਾ ਗੈਰਜਿੰਮੇਵਾਰਾਨਾ ਬਿਆਨ ਦੇਣ ਵਲੇ ਕਾਂਗਰਸੀ ਰਾਜਨੇਤਾ ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਿਖ ਮਲ ਦਿੱਤੀ ਅਤੇ ਹੱਥਾਂ ਉੱਤੇ ਲਹੂ ਦਾ ਪ੍ਰਤੀਕ ਲਾਲ ਰੰਗ ਲਗਾ ਦਿੱਤਾ। ਅਕਾਲੀ ਦਲ ਦੇ ਵਰਕਰਾਂ ਨੇ ਰਾਜੀਵ ਗਾਂਧੀ ਨੂੰ ਦਿੱਤੇ ਗਏ ਭਾਰਤ ਰਤਨ ਐਵਾਰਡ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। 
ਅਕਾਲੀ ਵਰਕਰਾਂ ਅਨੁਸਾਰ 1984 ਦੇ ਦੰਗਿਆਂ ਦੇ ਖਿਲਾਫ ਇਹ ਕਾਲਿਖ ਰਾਜੀਵ ਗਾਂਧੀ ਦੇ ਬੁੱਤ ਉੱਤੇ ਲਗਾਈ ਗਈ ਹੈ। ਅਕਾਲੀ ਵਰਕਰਾਂ ਨੇ ਕਿਹਾ ਕਿ ਰਾਜੀਵ ਗਾਂਧੀ ਹੀ 84 ਹੱਤਿਆਕਾਂਡ ਦਾ ਮੁੱਖ ਮੁਲਜ਼ਮ ਹੈ ਅਤੇ ਰਾਜੀਵ ਗਾਂਧੀ ਕੋਲੋਂ ਭਾਰਤ ਰਤਨ ਵਾਪਸ ਲੈਣਾ ਚਾਹੀਦਾ ਹੈ। 
ਸੂਚਨਾ ਮਿਲਣ ਉੱਤੇ ਦੂਜੇ ਪਾਸਿਉਂ ਕਾਂਗਰਸੀ ਯੂਥ ਵਰਕਰ ਵੀ ਪਹੁੰਚ ਗਏ ਜਿਨਾਂ ਨੇ ਪਹਿਲਾਂ ਤਾਂ ਰਾਜੀਵ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਸਾਫ਼ ਕੀਤਾ ਅਤੇ ਉਪਰੰਤ ਅਕਾਲੀ ਦਲ ਖਿਲਾਫ ਨਾਰੇਬਾਜੀ ਕਰਦੇ ਹੋਏ ਕਾਲਿਖ ਮਲਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਯੂਥ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਗੋਸ਼ਾ ਅਤੇ ਮਿੱਤਰ ਪਾਲ ਨੇ ਵਿਰੋਧ ਸਵਰੂਪ ਰਾਜੀਵ ਗਾਂਧੀ ਦੇ ਮੂੰਹ ਉੱਤੇ ਕਾਲ਼ਾ ਪੇਂਟ ਮਲ ਦਿੱਤਾ ਜਦੋਂ ਕਿ ਹੱਥਾਂ ਉੱਤੇ ਲਾਲ ਪੇਂਟ ਲਗਾ ਦਿੱਤਾ । ਮਾਮਲੇ ਵਿਚ ਇਕ ਸ਼ਖਸ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਅਕਾਲੀ ਦਲ ਸਹਿਤ ਹੋਰ ਕਈ ਸੰਗਠਨ ਰਾਜੀਵ ਗਾਂਧੀ ਦਾ ਭਾਰਤ ਰਤਨ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਦੀ ਕਰੜੀ ਨਿੰਦਿਆ ਕਰਦੇ ਹੋਏ ਕਿਹਾ ਕਿ ਮਾਮਲੇ ਵਿਚ ਦੋਸ਼ੀਆਂ ਖਿਲਾਫ ਕਰੜੀ ਕਾਰਵਾਈ ਕੀਤੀ ਜਾਵੇਗੀ। 
ਇਕ ਵਾਇਰਲ ਵੀਡੀਓ ਤੋਂ ਬਾਅਦ ਇਸ ਘਟਨਾ ਸਬੰਧੀ ਲੋਕਾਂ ਨੂੰ ਜਾਣਕਾਰੀ ਹੋਈ ਜਿਸ ਵਿਚ ਬੁੱਤ ਉੱਤੇ ਪੇਂਟ ਮਲਣ ਦੌਰਾਨ ਉਹ ਯੂਥ ਅਕਾਲੀ ਨੇਤਾ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ,” ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਨ ਮੇਂ ਹੈ ਦੇਖਨਾ ਹੈ ਜ਼ੋਰ ਕਿਤਨਾ ਬਾਜ਼ੁਏ ਕਾਤਿਲ ਮੇਂ ਹੈ।” ਉਨਾਂ ਨੇ ਕਿਹਾ ਕਿ ਉਨਾਂ ਨੇ ਬੁੱਤ ਨੂੰ ਠੀਕ ਰੂਪ ਦਿੱਤਾ ਹੈ। ਉਸਦੇ ਮੂੰਹ ਉੱਤੇ ਕਾਲਿਖ ਪੋਤੀ ਹੈ ਅਤੇ ਹੱਥ ਖੂਨੀ ਲਾਲ ਰੰਗ ਨਾਲ ਰੰਗੇ ਹਨ। ਉਨਾਂ ਨੇ ਸਿੱਖ ਕਤਲੇਆਮ ਲਈ ਸਾਬਕ ਪ੍ਰਧਾਨਮੰਤਰੀ ਨੂੰ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਠਹਿਰਾਇਆ। ਰਾਜੀਵ ਗਾਂਧੀ ਦੇ ਬੁੱਤ ਉੱਪਰ ਕਾਲਿਖ ਮਲਣ ਤੋਂ ਬਾਅਦ ਗੁਰਦੀਪ ਗੋਸ਼ਾ ਗੁਰੁਦਵਾਰੇ ਅੱਪੜਿਆ ਅਤੇ ਮੱਥਾ ਟੇਕਿਆ। ਕਿਹਾ ਕਿ ਸਿੱਖ ਕਤਲੇਆਮ ਦੇ ਖਿਲਾਫ ਉਨਾਂ ਦਾ ਗੁੱਸਾ ਸੀ ਜੋ ਰਾਜੀਵ ਗਾਂਧੀ ਦੇ ਬੁੱਤ ਉੱਤੇ ਫੁੱਟਿਆ। 
ਦੂਜੇ ਪਾਸੇ  ਘਟਨਾ ਦਾ ਪਤਾ ਚਲਦੇ ਹੀ ਕਾਂਗਰਸ ਨੇਤਾ ਮੌਕੇ ਉੱਤੇ ਪਹੁੰਚ ਗਏ ਅਤੇ ਬੁੱਤ ਨੂੰ ਸਾਫ਼ ਕੀਤਾ। ਕਾਂਗਰਸੀ ਕਰਮਚਾਰੀਆਂ ਨੇ ਇਸ ਦੌਰਾਨ ਅਕਾਲੀ ਦਲ ਦੇ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ। ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਲੀਡਰਸ਼ਿਪ ਨੂੰ ਚੁੱਲੂ ਭਰ ਪਾਣੀ ਵਿਚ ਮਰ ਜਾਣਾ ਚਾਹੀਦਾ ਹੈ। ਅਕਾਲੀ ਦਲ ਦੇ ਨੇਤਾ ਬੁੱਤ ਦੇ ਨਾਲ ਬਹਾਦਰੀ ਵਿਖਾ ਰਹੇ ਹਨ । ਜੇਕਰ ਉਨਾਂ ਵਿਚ ਦਮ ਹੈ ਤਾਂ ਮੈਦਾਨ ਵਿਚ ਆਉਣ ਅਤੇ ਪੰਚਾਇਤੀ ਚੋਣ ਲੜਨ । ਪੰਜਾਬ ਵਿਚ ਪਹਿਲਾਂ ਪਾਕਿਸਤਾਨ ਦੀ ਏਜੰਸੀ ਮਾਹੌਲ ਖ਼ਰਾਬ ਕਰਦੀ ਸੀ ਹੁਣ ਅਕਾਲੀ ਦਲ ਦੇ ਨੇਤਾ ਕਰ ਰਹੇ ਹਨ।ਜ਼ਿਕਰਯੋਗ ਹੈ ਕਿ  ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰ ਚੁੱਕੇ ਹਨ।  ਇਸ ਸਬੰਧੀ ਉਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਪ੍ਰਸਤਾਵ ਪਾਸ ਕੀਤਾ ਜਾ ਸਕੇ । ਅਕਾਲੀ ਦਲ ਨਾ ਸਿਰਫ ਇਸ ਪ੍ਰਸਤਾਵ ਦਾ ਸਮਰਥਨ ਕਰੇਗਾ ਸਗੋਂ ਇਹ ਵੀ ਅਪੀਲ ਕਰੇਗਾ ਕਿ ਸਾਰੇ ਲੋਕਾਂ ਨੂੰ ਇਹ ਸਪੱਸ਼ਟ ਸੁਨੇਹਾ ਭੇਜਣ ਲਈ ਇਸ ਪ੍ਰਸਤਾਵ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਜਾਵੇ ਕਿ ਮਨੁੱਖਤਾ ਦੇ ਖਿਲਾਫ ਗੁਨਾਹਾਂ ਲਈ ਸਮਾਜ ਵਿਚ ਕੋਈ ਜਗਾ ਨਹੀਂ ਹੈ।

Leave a Reply

Your email address will not be published. Required fields are marked *